ਮੋਹਨ ਸਿੰਘ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਮੋਹਨ ਸਿੰਘ (1905–1978) : ਪੰਜਾਬੀ ਦੇ ਇਸ ਪ੍ਰਤਿਭਾਸ਼ੀਲ ਆਧੁਨਿਕ ਕਵੀ ਦਾ ਜਨਮ 20 ਅਕਤੂਬਰ 1905 ਵਿੱਚ ਜੋਧ ਸਿੰਘ ਦੇ ਘਰ ਪੋਠੋਹਾਰੀ ਪਿੰਡ ਧਮਿਆਲ, ਜ਼ਿਲ੍ਹਾ ਰਾਵਲਪਿੰਡੀ (ਪਾਕਿਸਤਾਨ) ਵਿਖੇ ਹੋਇਆ। 1915 ਵਿੱਚ ਪਿੰਡ ਧਮਿਆਲ ਤੋਂ ਪ੍ਰਾਇਮਰੀ ਸਿੱਖਿਆ ਹਾਸਲ ਕਰਨ ਉਪਰੰਤ 1920 ਵਿੱਚ ਰਾਵਲਪਿੰਡੀ ਤੋਂ ਦਸਵੀਂ ਦੀ ਪਰੀਖਿਆ ਪਾਸ ਕੀਤੀ। ਪੋਠੋਹਾਰ ਦੀ ਸੁਹਾਵਣੀ ਪ੍ਰਕਿਰਤਿਕ ਸੁੰਦਰਤਾ ਤੇ ਲੋਕਾਂ ਦੇ ਖੁੱਲ੍ਹੇ ਸੁਭਾਅ ਨੇ ਬਚਪਨ ਵਿੱਚ ਹੀ ਉਸ ਦੀ ਕਵੀ ਬਿਰਤੀ ਨੂੰ ਜਗਾਇਆ। 1921 ਵਿੱਚ ਉਸ ਦੀ ਪਹਿਲੀ ਪਤਨੀ ਬਸੰਤ ਦੀ ਮੌਤ ਨੇ ਇਸ ਦੇ ਕਵੀ ਮਨ ਤੇ ਡੂੰਘਾ ਅਸਰ ਕੀਤਾ, ਜਿਸ ਲਈ ਕਵੀ ਦੇ ਆਪਣੇ ਬੋਲ ਹਨ ‘ਮੋਹਨ ਕਿੰਜ ਬਣਦਾ ਤੂੰ ਸ਼ਾਇਰ ਜੇ ਕਰ ਮੈਂ ਨਾ ਮਰਦੀ।’ 1933 ਵਿੱਚ ਫ਼ਾਰਸੀ ਦੀ ਐਮ.ਏ. ਪਾਸ ਕਰ ਕੇ ਉਹ ਖਾਲਸਾ ਕਾਲਜ, ਅੰਮ੍ਰਿਤਸਰ ਵਿੱਚ ਫ਼ਾਰਸੀ ਦਾ ਪ੍ਰੋਫ਼ੈਸਰ ਲੱਗ ਗਿਆ। ਸ਼ਿਮਲੇ ਦੀ ਪੰਜਾਬੀ ਕਾਨਫਰੰਸ ਸਮੇਂ ਕਵੀ ਦਰਬਾਰ ਵਿੱਚ ਉਸ ਦੀਆਂ ਲਿਖੀਆਂ ਕਵਿਤਾਵਾਂ ਪਹਿਲੇ ਨੰਬਰ ਤੇ ਰਹੀਆਂ, ਜਿਸ ਨਾਲ ਉਸ ਦੀ ਪ੍ਰਸਿੱਧੀ ਚਾਰੇ ਪਾਸੇ ਫੈਲ ਗਈ। 1937 ਵਿੱਚ ਕਾਵਿ-ਸੰਗ੍ਰਹਿ ਸਾਵੇਂ ਪੱਤਰ ਛਪਣ ਨਾਲ ਉਹ ਆਧੁਨਿਕ ਪੰਜਾਬੀ ਕਵੀਆਂ ਦੀ ਪਹਿਲੀ ਕਤਾਰ ਵਿੱਚ ਆ ਖੜੋਤਾ।

     ਖਾਲਸਾ ਕਾਲਜ ਦੀ ਨੌਕਰੀ ਛੱਡ ਕੇ ਉਸ ਨੇ ਲਾਹੌਰ ਤੋਂ ਪੰਜ ਦਰਿਆ ਨਾਂ ਦਾ ਸਾਹਿਤਿਕ ਪੱਤਰ ਸ਼ੁਰੂ ਕੀਤਾ, ਜਿਸ ਦੀ ਕਾਫ਼ੀ ਲੰਮੇ ਸਮੇਂ ਤੱਕ ਸੰਪਾਦਨਾ ਕੀਤੀ। 1950-51 ਵਿੱਚ ਉਸ ਨੇ ਲਾਇਲਪੁਰ ਖਾਲਸਾ ਕਾਲਜ, ਜਲੰਧਰ, 1968 ਤੋਂ 1970 ਤੱਕ ਖਾਲਸਾ ਕਾਲਜ, ਪਟਿਆਲਾ ਵਿਖੇ ਪੜਾਇਆ। 1965 ਵਿੱਚ ਮੋਹਨ   ਸਿੰਘ ਮਹਿਕਮਾ ਪੰਜਾਬੀ (ਹੁਣ ਭਾਸ਼ਾ ਵਿਭਾਗ) ਵੱਲੋਂ ਸਨਮਾਨਿਤ ਕੀਤਾ ਗਿਆ।

     ਆਧੁਨਿਕ ਪੰਜਾਬੀ ਕਵੀਆਂ ਦੀ ਦੂਜੀ ਪੀੜ੍ਹੀ ਦਾ ਇਹ ਸਰਬੋਤਮ ਕਵੀ ਸੀ। ਇਸ ਦੀਆਂ ਰਚਨਾਵਾਂ ਦਾ ਵੇਰਵਾ ਇਸ ਪ੍ਰਕਾਰ ਹੈ :

     ਸਾਵੇਂ ਪੱਤਰ, ਕਸੁੰਭੜਾ, ਅਧਵਾਟੇ, ਕਚ ਸਚ, ਆਵਾਜ਼ਾਂ, ਵੱਡਾ ਵੇਲਾ, ਜੰਦਰੇ, ਜੈਮੀਰ ਤੇ ਨਾਨਕਾਇਣ (ਮਹਾਂਕਾਵਿ), ਬੂਹੇ, ਤਿੰਨ ਪੜਾ, ਪੰਜ ਪਾਣੀ ਮੋਹਨ ਸਿੰਘ ਦੇ ਪ੍ਰਸਿੱਧ ਕਾਵਿ-ਸੰਗ੍ਰਹਿ ਅਤੇ ਨਿੱਕੀ ਨਿੱਕੀ ਵਾਸਨਾ ਉਸ ਦਾ ਕਹਾਣੀ-ਸੰਗ੍ਰਹਿ ਹੈ। ਏਸ਼ੀਆ ਦਾ ਚਾਨਣ (ਮਹਾਂਕਾਵਿ), ਰਾਜਾ ਈਡੀਪਸ, ਗੋਦਾਨ ਤੇ ਨਿਰਮਲਾ ਆਦਿ ਮੋਹਨ ਸਿੰਘ ਵੱਲੋਂ ਅਨੁਵਾਦਿਤ ਕੀਤੀਆਂ ਪੁਸਤਕਾਂ ਹਨ।

     ਪੰਜਾਬੀ ਸਾਹਿਤ ਖੇਤਰ ਵਿੱਚ ਮੋਹਨ ਸਿੰਘ ਦੇ ਸਾਹਿਤਿਕ ਸਫ਼ਰ ਦਾ ਪ੍ਰਵੇਸ਼ 1937 ਵਿੱਚ ਕਾਵਿ-ਸੰਗ੍ਰਹਿ ਸਾਵੇਂ ਪੱਤਰ ਨਾਲ ਹੁੰਦਾ ਹੈ। ਇਸ ਕਾਵਿ-ਸੰਗ੍ਰਹਿ ਵਿੱਚ ‘ਰੱਬ`, ‘ਨੂਰ ਜਹਾਨ`, ‘ਬਸੰਤ`, ‘ਅਨਾਰਕਲੀ`, ‘ਦੇਸ਼ ਪਿਆਰ`, ‘ਇੱਕ ਥੇਹ` ਅਤੇ ‘ਅੰਬੀ ਦਾ ਬੂਟਾ` ਚਰਚਿਤ ਕਵਿਤਾਵਾਂ ਸ਼ਾਮਲ ਹਨ। ‘ਸੁਹਾਂ ਦੀ ਕੰਧੀ`, ‘ਮੈਂ ਨਹੀਂ ਰਹਿਣਾ ਤੇਰੇ ਗਿਰਾਂ` ਕਵਿਤਾਵਾਂ ਪਿਆਰ ਤੇ ਰੁਮਾਂਚਿਕ ਜੀਵਨ ਅਨੁਭਵ ਨੂੰ ਰਵਾਨੀ ਤੇ ਜਜ਼ਬੇ ਦੀ ਤੀਬਰਤਾ ਦੀ ਸ਼ੋਖ਼ ਰੰਗਣ ਵਿੱਚ ਰੰਗ ਕੇ ਪੇਸ਼ ਕਰਨ ਵਾਲੀਆਂ ਕਵਿਤਾਵਾਂ ਹਨ। ਇਸ ਸੰਗ੍ਰਹਿ ਵਿੱਚ ਰੂਪ ਦੀ ਨਵੀਨਤਾ, ਬੋਲੀ ਦੀ ਮਿਠਾਸ ਤੇ ਸ਼ਬਦਾਂ ਦੀ ਜਾਦੂਗਰੀ ਕਾਰਨ ਪੰਜਾਬੀ ਰੁਮਾਂਚਿਕ ਕਵਿਤਾ ਆਪਣੇ ਸਿਖਰ ਤੇ ਪੁੱਜਦੀ ਹੈ। ਇਹ ਕਵੀ ਦੇ ਕਾਵਿ ਸਫ਼ਰ ਦਾ ਪਹਿਲਾ ਪੜਾਅ ਹੈ, ਜੋ ਪਰੰਪਰਾਗਤ ਹੋ ਕੇ ਵੀ ਪਰੰਪਰਾ ਤੋਂ ਮੁਕਤ ਹੈ ਅਤੇ ਆਪਣੀ ਇੱਕ ਨਵੀਂ ਪਰੰਪਰਾ ਸਥਾਪਿਤ ਕਰਨ ਦਾ ਸੂਚਕ ਹੈ। 1936-1943 ਤੱਕ ਦੇ ਸਮੇਂ ਨੂੰ ਮੋਹਨ ਸਿੰਘ ਦੇ ਕਾਵਿ ਸਫ਼ਰ ਦਾ ਦੂਜਾ ਪੜਾਅ ਕਿਹਾ ਜਾ ਸਕਦਾ ਹੈ। ਕਸੁੰਭੜਾ ਕਾਵਿ-ਸੰਗ੍ਰਹਿ ਵਿਚਲੀਆਂ ਕਵਿਤਾਵਾਂ ਨਿਜ ਪਿਆਰ ਦੇ ਰੁਦਨ ਨੂੰ ਛੱਡ ਕੇ ਭਾਈਚਾਰਿਕ ਦੁੱਖ-ਸੁੱਖ ਦੀਆਂ ਭਾਈਵਾਲ ਭਾਵਨਾ ਨਾਲ ਸੰਬੰਧਿਤ ਕਵਿਤਾਵਾਂ ਹਨ। ਮੋਹਨ ਸਿੰਘ ਦੀ ਲਿਖੀ ਬਹੁਤ ਹੀ ਵਧੀਆ ਕਵਿਤਾ ‘ਤਾਜ ਮਹਲ ਕਵੀ` ਦੀ ਨਿਜ ਪੀੜਾ ਨੂੰ ਗ਼ਰੀਬਾਂ ਮਜ਼ਲੂਮਾਂ ਦੀ ਪੀੜਾ ਨਾਲ ਜੁੜਨ ਦੀ ਸੂਚਕ ਸਫਲ ਕਵਿਤਾ ਕਹੀ ਜਾ ਸਕਦੀ ਹੈ। ਉਸ ਨੇ ਸ਼ਹਿਨਸ਼ਾਹੀ ਕਲਾ ਦੇ ਸਾਮ੍ਹਣੇ ਇਹ ਸਵਾਲ ਰੱਖਿਆ:

                   ਕੀ ਉਹ ਹੁਸਨ ਹੁਸਨ ਹੈ ਸਚਮੁਚ ਯਾ ਉਂਜੇ ਹੀ ਛਲਦਾ। ਲੱਖ ਗ਼ਰੀਬਾਂ ਮਜ਼ਦੂਰਾਂ ਦੇ, ਹੰਝੂਆਂ ਤੇ ਜੋ ਪਲਦਾ।

     ਕੱਚ ਸੱਚ ਕਾਵਿ-ਸੰਗ੍ਰਹਿ ਨਾਲ ਇਸਦੀ ਕਵਿਤਾ ਤੀਜੇ ਪੜਾਅ ਵਿੱਚ ਪ੍ਰਵੇਸ਼ ਕਰਦੀ ਹੈ। ਇਸ ਕਾਵਿ-ਸੰਗ੍ਰਹਿ ਵਿਚਲੀਆਂ ਕਵਿਤਾਵਾਂ ਦਾ ਵਿਸ਼ਾ ਜੀਵਨ ਦੀਆਂ ਸਰਬ-ਵਿਆਪੀ ਸਮੱਸਿਆਵਾਂ ਦਾ ਹੱਲ ਲੱਭਣਾ ਹੈ। ਕਵੀ ਇਹਨਾਂ ਸਮੱਸਿਆਵਾਂ ਦਾ ਹੱਲ ਕਿਰਤੀਆਂ ਦੇ ਇਕੱਠੇ ਹੋ ਜਾਣ ਤੇ ਸੰਘਰਸ਼ ਕਰਨ ਵਿੱਚ ਲੱਭਦਾ ਹੈ। ਇਹ ਸੰਗ੍ਰਹਿ ਚੀਨ ਦੇ 1949 ਦੇ ਇਨਕਲਾਬ ਤੋਂ ਪਿੱਛੋਂ ਸਾਮ੍ਹਣੇ ਆਇਆ। ਆਵਾਜ਼ਾਂ ਕਾਵਿ-ਸੰਗ੍ਰਹਿ ਵਿੱਚ ਕਵੀ ਪੂਰਨ ਰੂਪ ਵਿੱਚ ਸਮਾਜਵਾਦੀ ਵਿਚਾਰਾਂ ਦਾ ਹੋਕਾ ਦਿੰਦਾ ਹੈ। ਇਹ ਸੰਗ੍ਰਹਿ ਅਮਨ ਲਹਿਰ ਸਮੇਂ ਸਾਮ੍ਹਣੇ ਆਇਆ।

     ਕਵੀ ਆਪਣੇ ਕਾਵਿ-ਸਫ਼ਰ ਬਾਰੇ ਪੂਰਨ ਰੂਪ ਵਿੱਚ ਚੇਤੰਨ ਹੈ। ਉਸ ਨੇ ਹਰ ਕਾਵਿ-ਸੰਗ੍ਰਹਿ ਦਾ ਨਾਮਕਰਨ ਆਪਣੇ ਕਾਵਿ ਅਨੁਭਵ ਤੇ ਕਾਵਿ ਪ੍ਰਗਤੀ ਨਾਲ ਜੋੜ ਕੇ ਕੀਤਾ ਹੈ। ਕੱਚ-ਸੱਚ ਕਾਵਿ-ਸੰਗ੍ਰਹਿ ਵਿੱਚ ਜੋ ਕਵਿਤਾਵਾਂ ਨਿਜ ਪਿਆਰ ਦੀ ਵਿਸਾਦ ਭਾਵਨਾ ਨਾਲ ਸੰਬੰਧਿਤ ਹਨ, ਉਹਨਾਂ ਨੂੰ ਉਹ ਕੱਚ ਦਾ ਨਾਮ ਦਿੰਦਾ ਹੈ। ‘ਸੱਚ’ ਉਸ ਲਈ ਲੋਕ ਪੀੜਾ ਨਾਲ ਵਿਗੁੱਤੇ ਅਨੁਭਵ ਨੂੰ ਪੇਸ਼ ਕਰਦੀਆਂ ਕਵਿਤਾਵਾਂ ਹਨ। ਇਸੇ ਤਰ੍ਹਾਂ ਇਸ ਸੱਚ ਦੀ ਪ੍ਰਾਪਤੀ ਲਈ ਕਿਰਤੀਆਂ, ਕੰਮੀਆਂ, ਕਿਰਸਾਣਾਂ ਤੇ ਮਿਹਨਤਕਸ਼ਾਂ ਨੂੰ ਇਕੱਠੇ ਹੋ ਜਾਣ ਤੇ ਸੰਘਰਸ਼ ਕਰਨ ਦੀ ਭਾਵਨਾ ਨੂੰ ਪੇਸ਼ ਕਰਦੀਆਂ ਆਵਾਜ਼ਾਂ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਲਿਖੀਆਂ। ਵੱਡਾ ਵੇਲਾ ਲਈ ਉਸ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਪ੍ਰਾਪਤ ਹੋਇਆ।

     ਸਮੁੱਚੇ ਰੂਪ ਵਿੱਚ ਕਵੀ ਦੀ ਸਮੁੱਚੀ ਕਵਿਤਾ ਵਿਸ਼ੇ ਪੱਖੋਂ ਪੱਛਮੀ ਕਵਿਤਾ ਅਤੇ ਬਿਆਨ ਪੱਖੋਂ ਫ਼ਾਰਸੀ ਕਾਵਿ ਪਰੰਪਰਾ ਤੋਂ ਪ੍ਰਭਾਵਿਤ ਹੈ। ਫ਼ਾਰਸੀ ਭਾਸ਼ਾ ਦੇ ਅਧਿਐਨ ਨੇ ਕਵੀ ਦੀ ਕਵਿਤਾ ਵਿੱਚ ਪੁਖਤਗੀ, ਸੂਖਮਤਾ, ਰਾਗਾਤ- ਮਿਕਤਾ, ਸੋਜ਼ ਤੇ ਗਹਿਰੀ ਦਰਦ ਰੰਗਤ ਲਿਆਂਦੀ। ਅੰਗਰੇਜ਼ੀ ਭਾਸ਼ਾ ਤੇ ਸਾਹਿਤ ਦੀ ਜਾਣਕਾਰੀ ਨੇ ਉਸ ਨੂੰ ਪੱਛਮੀ ਰੁਮਾਂਚਿਕ ਸਰੋਦੀ ਕਵੀਆਂ ਦੀ ਚੇਤਨਾ ਦਿੱਤੀ। ਆਧੁਨਿਕ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਮੋਹਨ ਸਿੰਘ ਦੀ ਪ੍ਰਾਪਤੀ ਇੱਕ ਯੁੱਗ ਕਵੀ ਤੋਂ ਘੱਟ ਨਹੀਂ ਹੈ। 3 ਮਈ 1978 ਵਿੱਚ ਆਪਣੇ ਯੁੱਗ ਦੇ ਇਸ ਸਿਰਮੌਰ ਕਵੀ ਦੀ ਮੌਤ ਹੋ ਗਈ। ਲੁਧਿਆਣੇ ਵਿੱਚ ਉਸ ਦੀ ਯਾਦ ਵਿੱਚ ਮੋਹਨ ਸਿੰਘ ਮੇਲਾ ਆਯੋਜਿਤ ਕੀਤਾ ਜਾਂਦਾ ਹੈ।


ਲੇਖਕ : ਵੀਰਪਾਲ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 18166, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.